*ਜਹਾ ਗਿਆਨ ਤਹ ਧਰਮ ਹੈ ਜਹਾ ਝੂਠ ਤਹ ਪਾਪ*
--- ---- ---- ---
"ਹਿੰਦੂ ਕਹੂੰ ਤੋ ਹੈ ਨਹੀਂ, ਮੁਸਲਮਾਨ ਭੀ ਨਾਹਿੰ।
ਪੰਚ ਤੱਤ ਕਾ ਪੁਤਲਾ, ਗੈਬੀ ਖੇਡੇ ਮਾਹਿੰ।"
ਕਬੀਰ ਸਾਹਿਬ ਨੇ ਸਪੱਸ਼ਟ ਕੀਤਾ ਹੈ ਕਿ ਨਾਂ ਤਾਂ ਉਹ ਹਿੰਦੂ ਹੈ ਅਤੇ ਨਾ ਹੀ ਉਹ ਮੁਸਲਮਾਨ ਹੈ। ਉਹ ਕੇਵਲ ਪੰਜ ਤੱਤ ਦਾ ਬਣਿਆ ਹੋਇਆ ਇਕ ਇਨਸਾਨ ਹੈ। ਵਿਚਾਰਨ ਵਾਲੀ ਗੱਲ ਇਹ ਹੈ ਕਿ ਕੁਦਰਤ ਦੇ ਵਿਧਾਨ ਅਨੁਸਾਰ ਪੈਦਾ ਹੋਈ ਚੇਤਨਾ ਉਸ ਵਿਚ ਪੂਰੀ ਫ਼ੁਰਤੀ ਨਾਲ ਕੰਮ ਕਰ ਰਹੀ ਹੈ। ਇਕ ਕਵੀ ਨੇ ਇਨ੍ਹਾਂ ਸਤਰਾਂ ਦਾ ਤਰਜਮਾ ਕਰਨ ਦੀ ਕੋਸ਼ਿਸ਼ ਕੀਤੀ ਹੈ:-
'ਨਾ ਹਿੰਦੂ ਕਾ ਨਾ ਮੁਸਲਮਾਨ ਕਾ।
ਕਬੀਰ ਨਾਮ ਹੈ ਸਿਰਫ਼ ਇਨਸਾਨ ਕਾ।'
----
*ਜੀਵਨ ਦਾ ਮੂਲ ਉਦੇਸ਼*
" ਜਿਥੋਂ ਤੱਕ ਮੇਰਾ ਆਪਣਾ ਸਵਾਲ ਹੈ ਇਹ ਮੰਦਭਾਗੀ ਗੱਲ ਹੈ,ਕਿ ਮੈਂ ਹਿੰਦੂ ਅਛੂਤ ਜਨਮਿਆਂ ਹਾਂ, ਇਸ ਨੂੰ ਰੋਕਣਾ ਮੇਰੇ ਵੱਸ ਤੋਂ ਬਾਹਰ ਦੀ ਗੱਲ ਸੀ,ਪਰ ਇਕ ਗੱਲ ਯਕੀਨਨ ਮੇਰੇ ਵੱਸ ਵਿੱਚ ਹੈ ਕਿ ਮੈਂ ਅਜੇਹੀਆਂ ਗ਼ੈਰਤਹੀਣ ਅਤੇ ਅਪਮਾਨਜਨਕ ਸਥਿਤੀਆਂ ਵਿਚ ਰਹਿਣ ਤੋਂ ਇਨਕਾਰੀ ਹੋ ਜਾਵਾਂ, ਇਸ ਲਈ ਮੈਂ ਤਹਾਨੂੰ ਸੰਜੀਦਗੀ ਨਾਲ ਭਰੋਸਾ ਦਿਵਾਉਂਦਾ ਹਾਂ ਕਿ ਭਾਵੇਂ ਮੈਂ ਹਿੰਦੂ ਜਨਮਿਆਂ ਸੀ, ਮੈਂ ਹਿੰਦੂ ਰਹਿੰਦਿਆਂ ਮਰੂੰਗਾ ਨਹੀਂ।"
ਡਾ. ਅੰਬੇਡਕਰ
ਬਾਬਾ ਸਾਹਿਬ ਦੇ ਕਹੇ ਇਹ ਸ਼ਬਦ ਸਾਡੇ ਜਿਹਨ ਤੱਕ ਪਹੁੰਚਣੇ ਚਾਹੀਦੇ ਹਨ। ਵਿਸ਼ਵ ਪ੍ਰਸਿੱਧ ਦਾਰਸ਼ਨਿਕ ਬਾਬਾ ਸਾਹਿਬ ਦਾ ਸੰਤ ਕਬੀਰ ਨੂੰ ਆਪਣਾ ਗੁਰੂ ਮੰਨਣਾ ਕੋਈ ਸਧਾਰਨ ਕਥਨ ਨਹੀਂ ਹੈ। ਇਕ ਮੁਕੰਮਲ ਇਨਕਲਾਬੀ ਵਿਚਾਰਧਾਰਾ ਨੂੰ ਸਮਝ ਕੇ ਉਸ ਤੋਂ ਮਾਰਗ ਦਰਸ਼ਨ ਲੈ ਕੇ ਉਸ 'ਤੇ ਤੁਰੇ ਜਾਣ ਦਾ ਨਾਂ ਹੈ। ਜਦੋਂ ਬਾਬਾ ਸਾਹਿਬ ਸੰਤ ਕਬੀਰ ਨੂੰ ਆਪਣੇ ਗੁਰੂ ਵਜੋਂ ਸਵੀਕਾਰ ਕਰਦੇ ਹਨ ਤਾਂ ਸਾਨੂੰ ਇਹ ਮੰਨਣ ਵਿੱਚ ਕੋਈ ਮੁਸ਼ਕਲ ਨਹੀਂ ਆਉਂਦੀ ਕਿ ਸੰਤ ਕਬੀਰ ਦੀ ਬਾਣੀ, ਸਿੱਖ ਇਨਕਲਾਬ ਦਾ ਮੁਕੰਮਲ ਸਿਧਾਂਤ ਹੈ ਜੋ ਸੰਤ ਨਾਮਦੇਵ ਤੇ ਸੰਤ ਰਵਿਦਾਸ ਤੋਂ ਲੈ ਕੇ, ਗੁਰੂ ਗੋਬਿੰਦ ਸਿੰਘ ਤੱਕ ਦੀ ਵਿਚਾਰਧਾਰਾ ਵਿਚ ਪ੍ਰਤੱਖ ਵਿਦਮਾਨ ਹੋਇਆ। ਜਦੋੰ ਬਾਬਾ ਸਾਹਿਬ ਇਹ ਕਹਿੰਦੇ ਹਨ ਕਿ ਮੈਂ ਹਿੰਦੂ ਪੈਦਾ ਹੋਇਆ, ਇਹ ਮੇਰੇ ਵੱਸ ਦੀ ਗੱਲ ਨਹੀਂ ਸੀ ਤਾਂ ਇਸ ਦਾ ਮਤਲਬ ਹੈ ਕਿ ਸੰਤ ਨਾਮਦੇਵ, ਸੰਤ ਕਬੀਰ *(ਚਾਹੇ ਸੰਤ ਕਬੀਰ ਦੇ ਪਿਤਾ ਨੇ ਇਸਲਾਮ ਅਪਣਾ ਲਿਆ ਸੀ)* ਸੰਤ ਰਵਿਦਾਸ ਅਤੇ ਸੰਤ ਸੈਣ, ਹਿੰਦੂ ਸਮਾਜ ਵਿਚ ਪੈਦਾ ਹੋਏ। ਹਿੰਦੂ ਧਰਮ ਕਰਕੇ ਹੀ ਚਾਰੇ ਅਛੂਤ, ਢੇਡ ਜਾਂ ਨੀਚ ਐਲਾਨੇ ਗਏ।
ਕਬੀਰ ਸਾਹਿਬ ਦੀ ਸਾਰੀ ਬਾਣੀ ਬ੍ਰਾਹਮਣ, ਵੇਦਾਂ, ਸ਼ਾਸ਼ਤਰਾਂ, ਪੁਰਾਣਾਂ, ਸਿਮਰਤੀਆਂ, ਤੀਰਥ, ਮੰਦਿਰ,ਵਰਤ, ਜੰਤਰ- ਮੰਤਰ , ਤਪ- ਤਪੱਸਿਆ, ਜੋਗ, ਪੂਜਾ, ਆਰਤੀਆਂ,ਪੁੰਨ-ਦਾਨ, ਦੇਵੀਆਂ, ਦੇਵਤੇ, ਭਗਵਾਨ, ਬ੍ਰਹਮਾ, ਵਿਸ਼ਨੂੰ, ਮਹੇਸ਼, ਕਿ੍ਸ਼ਨ, ਰਾਮ, ਰਿਸ਼ੀ-ਮੁਨੀ,ਗਊ ਗਾਇਤ੍ਰੀ, ਦੁਰਗਾ, ਮਹਾਂਮਾਈ,ਅਹੋਈ (ਜੋ ਹੋਈ ਹੀ ਨਹੀਂ), ਲਛਮੀ, ਪਾਰਬਤੀ, ਬ੍ਰਾਹਮਣ ਗੁਰੂ, ਕਰਮਕਾਂਡ,ਜੂਨੀ ਚੱਕਰ,ਮੁਕਤੀ, ਸਰਾਧ,ਸਤੀ, ਭਵਸਾਗਰ, ਜਮਦੂਤ, ਧਰਮਰਾਜ,ਨਰਕ-ਸੁਰਗ, ਬੈਕੁੰਠ,ਜੰਜੂ, ਪਾਖੰਡ,ਛਲ-ਕਪਟ, ਕੂੜ ਆਦਿ ਸਭ ਕੁਝ ਦੇ ਸਿੱਧਾ ਖਿਲਾਫ਼ ਖੜ੍ਹੀ ਹੈ।
ਇਸ ਦਾ ਸਿੱਧਾ ਅਰਥ ਹੈ ਕਿ ਕਬੀਰ ਸਾਹਿਬ ਹਿੰਦੂ ਧਰਮ ਤੇ ਕਰਾਰੀ ਚੋਟ ਕਰਦੇ ਹਨ। ਉਨ੍ਹਾਂ ਨੂੰ ਵੇਦਾਂ, ਸ਼ਾਸਤਰਾਂ, ਪੁਰਾਣਾਂ ਤੇ ਬ੍ਰਾਹਮਣਾਂ ਦਾ ਕੋਈ ਧਰਮ ਪ੍ਰਵਾਨ ਨਹੀਂ।
ਸੰਤ ਕਬੀਰ ਕਹਿੰਦੇ ਹਨ ਕਿ ਮੈਂ ਬਨਾਰਸ ਤਿਆਗ ਦਿੱਤਾ। ਦੇਖੋ ਮੇਰੀ ਮੱਤ ਵੀ ਛੋਟੀ ਹੈ। ਸਾਰਾ ਜਨਮ (ਉਮਰ) ਤਾਂ ਸ਼ਿਵ ਪੁਰੀ (ਬਨਾਰਸ) ਵਿਚ ਲੰਘਾ ਦਿੱਤਾ ਪਰ ਮਰਨ ਵੇਲੇ ਮੈਂ ਮਗਹਰ (ਹੜੰਬਾ)ਆ ਪਹੁੰਚਿਆ ਹਾਂ।
ਸਤਿਗੁਰੂ ਕਬੀਰ ਇਸ ਸ਼ਬਦ ਵਿਚ 'ਮੈਂ ਹਿੰਦੂ ਮਰੂੰਗਾ ਨਹੀਂ' ਦੇ ਕਮਾਲ ਦੇ ਅਰਥ ਪੇਸ਼ ਕਰਦੇ ਹਨ ਕਿ: ਕਬੀਰ ਦਾ ਜਨਮ ਬਨਾਰਸ ਵਿਚ ਹੋਇਆ। ਕਾਸ਼ੀ ਬਨਾਰਸ ਇੱਕੋ ਸਥਾਨ ਦੇ ਦੋ ਨਾਮ ਹਨ। ਤੀਜੀ ਨੁੱਕਰੇ ਸਾਰਨਾਥ ਹੈ ਜਿਥੇ ਪਿਤਾਮਾ ਬੁੱਧ ਨੇ ਪਹਿਲੇ ਪੰਜ ਭਿਕਸ਼ੂਆਂ ਨੂੰ ਉਪਦੇਸ਼ ਦੇ ਕੇ, ਮਨੁੱਖੀ ਕਲਿਆਣ ਦੇ ਧਰਮ-ਮਾਰਗ 'ਤੇ ਤੋਰਿਆ ਸੀ। ਕਬੀਰ ਸਾਹਿਬ ਕਹਿੰਦੇ ਹਨ ਕਿ ਬ੍ਰਾਹਮਣ ਦਾ ਉਪਦੇਸ਼ ਹੈ ਕਿ ਜੋ ਮਨੁੱਖ ਬਨਾਰਸ ਵਿਚ ਮਰੇਗਾ ਉਹ ਸਿੱਧਾ ਸੁਰਗ ਪਹੁੰਚੇਗਾ,ਇਸ ਕਰਕੇ ਹਿੰਦੂ ਬਨਾਰਸ ਵਿਚ ਮਰਨਾ ਪਸੰਦ ਕਰਦੇ ਹਨ। ਬ੍ਰਾਹਮਣ ਇਹ ਵੀ ਕਹਿੰਦਾ ਹੈ ਕਿ *ਜੋ ਮਗਹਰ ਮਰੇਗਾ ਉਹ ਸਿੱਧਾ ਨਰਕ ਵਿਚ ਪਵੇਗਾ*(ਕਿਉਂਕਿ ਉਥੇ ਤਥਾਗਤ ਬੁੱਧ ਨੇ ਪਰਿ-ਨਿਰਵਾਣ ਪ੍ਰਾਪਤ ਕੀਤਾ ਸੀ)
ਕਬੀਰ ਕਹਿੰਦੇ ਹਨ ਕਿ ਮੇਰੀ ਮੱਤ ਵੀ ਥੋੜ੍ਹੀ ਹੈ ਕਿ ਮੈਂ ਸਾਰੀ ਉਮਰ ਕਾਸ਼ੀ ਬਨਾਰਸ ਵਿਚ ਰਿਹਾ ਪਰ ਹੁਣ ਮਰਨ ਦੀ ਵਾਰੀ ਆਈ ਤਾਂ ਮਗਹਰ ਨੂੰ ਤੁਰ ਪਿਆ ਹਾਂ।
ਦੇਖੋ ਕਮਾਲ ਕਿ ਕਾਸ਼ੀ ਬਨਾਰਸ ਦੇ ਨਜ਼ਦੀਕ ਸਾਰਨਾਥ ਵਿਚ ਬੁੱਧ ਨੇ ਧਰਮ ਦੀ ਨੀਂਹ ਰੱਖੀ। ਉਨ੍ਹਾਂ ਦੀ ਮੌਤ ਮਗਹਰ (ਹੜੰਬਾ) ਵਿਖੇ ਕੋਈ। ਬ੍ਰਾਹਮਣ ਦੇ ਸਿਧਾਂਤ ਅਨੁਸਾਰ ਮਗਹਰ ਵਿਚ ਮਰਨਾ, ਨਰਕ ਜਾਣਾ ਹੈ ਤੇ ਹਿੰਦੂ ਤੀਰਥ ਬਨਾਰਸ ਵਿਚ ਮਰਨਾ ਸੁਰਗ ਜਾਣਾ ਹੈ, ਪਰ ਕਬੀਰ ਮਰਨ ਵੇਲੇ ਬਨਾਰਸ ਛੱਡ ਕੇ ਮਗਹਰ ਗਏ ਕਿਉਂਕਿ ਉਨ੍ਹਾਂ ਨੂੰ ਹਿੰਦੂ ਰਹਿ ਕੇ ਮਰਨਾ ਮਨਜ਼ੂਰ ਨਹੀਂ।ਉਹ ਪਿਤਾਮਾ ਬੁੱਧ ਦੇ ਸਮਾਧੀ ਸਥਾਨ ਮਗਹਰ ਵਿਚ ਮਰਨ ਚਲੇ ਗਏ। ਉਨ੍ਹਾਂ ਨੇ ਇਵੇਂ ਕੀਤਾ ਤੇ ਹਿੰਦੂ ਹੋਣ ਨੂੰ ਅੰਤਲੇ ਸਮੇਂ ਵੀ ਤਿਆਗਿਆ। ਹਿੰਦੂ ਧਰਮ ਨੂੰ ਤਿਆਗਣ ਦੀ ਇਸ ਤੋਂ ਵੱਡੀ ਹੋਰ ਕੀ ਉਦਾਹਰਣ ਦੇ ਸਕਦੇ ਹਾਂ। ਜਿੰਨਾ ਸਿਰਾਂ ਨੇ ਇਸ ਹਕੀਕਤ ਨੂੰ ਮੇਲ ਕੇ ਕਦੀ ਸੋਚਿਆ ਨਹੀਂ, ਸਮਝਿਆ ਨਹੀਂ। ਉਨ੍ਹਾਂ ਨੂੰ ਸਮਝਣ ਦੀ ਲੋੜ ਹੈ।
ਕਬੀਰ ਕਹਿੰਦੇ ਹਨ ਲੋਕੋ , *ਗੰਗਾ ਨੂੰ ਉਲਟੀ ਵਹਾਉ* ਭਾਵ ਜੋ ਬ੍ਰਾਹਮਣ ਤੇ ਵੇਦ ਸ਼ਾਸਤਰ ਕਹਿੰਦੇ ਹਨ, ਉਹ ਨਾ ਕਰੋ।
ਪਰ ਜੇ ਅੰਬੇਡਕਰੀ ਬਣ ਕੇ, ਸਿੱਖ ਬਣ ਕੇ ਜਾਂ ਬੋਧੀ ਬਣ ਕੇ ਵੀ ਹਿੰਦੂ ਧਰਮ ਦੀਆਂ ਮਾਨਤਾਵਾਂ ਨੂੰ ਪੂਰੀ ਤਰ੍ਹਾਂ ਨਹੀਂ ਤਿਆਗਦਾ ਤਾਂ ਉਸ ਦਾ ਕੁਝ ਵੀ ਹੋਣਾ ਵਿਆਰਥ ਹੈ। ਇਕ ਅੰਬੇਡਕਰੀ ਜਾਂ ਕਬੀਰ ਪੰਥੀ ਜੇਕਰ ਰਾਧਾ ਸਵਾਮੀ, ਸੱਚੇ ਸੌਦੇ ਵਾਲਾ ਜਾਂ ਨਿਰੰਕਾਰੀ ਬਣ ਜਾਂਦਾ ਹੈ, ਉਹ ਬੁੱਧ ਜਾਂ ਸਿੱਖ ਹੋਣ ਨੂੰ ਤਰਜੀਹ ਨਹੀਂ ਦਿੰਦਾ ਤਾਂ ਉਹ ਹਿੰਦੂ ਧਰਮ ਦੇ ਨੇੜੇ ਚਲਾ ਜਾਂਦਾ ਹੈ। ਹਿੰਦੂ ਧਰਮ ਤੋਂ ਅੰਬੇਡਕਰੀ ਵਧੇਰੇ ਮੁਕਤ ਹਨ।
ਕਬੀਰ ਪੂਰਨ ਕ੍ਰਾਂਤੀ ਦਾ ਨਾਮ ਹੈ। ਸਾਡੀ ਸਮੱਸਿਆ ਹੈ ਕਿ ਦਲਿਤ ਬਹੁਜਨ ਨੇ ਕਦੀ ਵੀ ਇਸ ਖ਼ਿਆਲ ਪਿੱਛੇ ਲੁਕੀਆਂ ਕ੍ਰਾਂਤੀਆਂ ਦੀ ਰੂਪ- ਰੇਖਾ ਨੂੰ ਸੂਤਰ-ਬੱਧ ਕਰਕੇ ਜਾਨਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਬਾਬਾ ਸਾਹਿਬ ਨੇ ਹਿੰਦੂ ਧਰਮ ਨੂੰ ਕਿਉਂ ਤਿਆਗਿਆ ਸੀ।
ਪਿਛਲੇ ਦੋ ਦਹਾਕਿਆਂ ਤੋਂ ਪਹਿਲਾਂ ਆਏ ਵਿੱਦਿਆ ਦੇ ਯੁੱਗ ਵਿਚ ਸ਼ਾਇਦ ਕੋਈ ਵਿਰਲਾ ਕਬੀਰ ਪੰਥੀ ਹੋਵੇਗਾ ਜਿਸ ਨੇ ਕਬੀਰ ਸਾਹਿਬ ਅਤੇ ਡਾ. ਅੰਬੇਡਕਰ ਨੂੰ ਸੂਤਰ-ਬੱਧ ਕਰਕੇ ਪੜ੍ਹਿਆ ਹੋਵੇਗਾ।
ਪ੍ਰੰਤੂ ਕਬੀਰ ਪੰਥੀ ਲੋਕ ਇਹ ਨਹੀਂ ਜਾਣ ਸਕੇ ਕਿ ਬਾਬਾ ਸਾਹਿਬ ਨੇ ਕਬੀਰ ਸਾਹਿਬ ਦੀ ਬਾਣੀ ਅਤੇ ਵਿਚਾਰਧਾਰਾ, ਨੂੰ ਆਪਣੇ ਜੀਵਨ ਵਿੱਚ ਢਾਲਿਆ, ਪਰੋਇਆ ਤੇ ਗੁੰਨਿਆ। ਉਹ ਸਿੱਖ ਵੀ ਬਣੇ, ਬੁੱਧ ਵੀ ਬਣੇ ਤੇ ਹੋਰ ਬਹੁਤ ਕੁਝ। ਪੂਰਾ ਵਿਸ਼ਵ ਉਹਨਾਂ ਦੇ ਕਲਾਵੇ ਵਿਚ ਸੀ। ਬਾਬਾ ਸਾਹਿਬ ਨੇ ਸਿੱਖ ਧਰਮ ਦਾ ਅਧਿਐਨ ਕੀਤਾ।ਉਸ ਨੂੰ ਸਮਝਿਆ ਤੇ ਕਿਹਾ ਕਿ ਸੰਤ ਕਬੀਰ ਉਸ ਦੇ ਗੁਰੂ ਹਨ। ਹੋਰ ਸਿੱਖ ਹੋਣਾ ਕੀ ਹੈ? ਅਕਲ ਦੀ ਗੱਲ ਸਿੱਖਣ ਨਾਲ ਸਿੱਖ ਬਣ ਜਾਈਦਾ ਹੈ। ਦਜੋ ਸੰਤ ਕਬੀਰ ਜਾਂ ਗੁਰੂ ਨਾਨਕ ਨੇ ਕਿਹਾ ਹੈ ਉਸ ਨੂੰ ਸਮਝਣ ਨਾਲ ਬੰਦਾ ਸਿੱਖ ਬਣ ਜਾਂਦਾ ਹੈ।
ਕਬੀਰ ਬਾਣੀ ਵੈਦਿਕ ਆਰੀਆ ਧਰਮ ਦੇ ਵਿਰੁੱਧ, ਮਨੁੱਖਤਾ ਦੇ ਕਲਿਆਣ ਦਾ ਮਾਰਗ ਹੈ। ਪ੍ਰੇਮ ਤੇ ਬਰਾਬਰੀ ਦਾ ਮਾਰਗ। ਇਹ ਗੱਲ ਸਾਨੂੰ ਇਸ ਹੱਦ ਤੱਕ ਸਮਝ ਪੈ ਗਈ ਹੈ ਕਿ ਮੰਨਣ ਤੋਂ ਇਲਾਵਾ ਦੂਜਾ ਕੋਈ ਵਿਚਾਰ ਬਾਕੀ ਨਹੀਂ ਰਿਹਾ। ਜੇ ਅਸੀਂ ਸੰਤਾਂ ਤੇ ਗੁਰੂਆਂ ਨੂੰ ਮੰਨਣ ਵਾਲਿਆਂ ਨੇ ਇਹ ਕੁਝ ਨਹੀਂ ਸਮਝਿਆ, ਨਹੀਂ ਮੰਨਿਆ, ਨਹੀਂ ਕੀਤਾ ਤਾਂ ਅਸੀਂ ਬ੍ਰਾਹਮਣੀ ਧਾਰਾ ਦੇ ਲੋਕ ਹਾਂ। ਸ਼ਕਲ ਤੋਂ ਨਾ ਸਹੀ ਅਕਲ ਤੋਂ ਤਾਂ ਹੈਂ। ਜਿਨ੍ਹਾਂ ਨੇ ਗੁਰੂਆਂ ਦੀ ਇਹ ਗੱਲ ਨਹੀਂ ਪੜ੍ਹੀ, ਨਾ ਸੁਣੀ, ਨਾ ਸਮਝੀ, ਨਾ ਮੰਨੀ ਕਿ ;
◼ਅੰਧੇ ਅਕਲੀ ਬਾਹਰੇ ਕਿਆ ਤਿਨ ਸਿਉ ਕਹੀਐ।।
ਬਿਨ ਗੁਰ ਪੰਥ ਨ ਸੂਝਈ ਕਿਤ ਬਿਧਿ ਨਿਰਬਹੀਏ।।
ਖੋਟੇ ਕਉ ਖਰਾ ਕਹੈ ਖਰੇ ਸਾਰ ਨਾ ਜਾਣੈ।।
ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੈ।।
ਸੂਤੇ ਹੋ ਜਾਗਤ ਕਹੇ ਜਾਗਤਾ ਸੂਤਾ।।
(ਭਾਵ ਦੋ ਅੱਖਾਂ ਮੀਚ ਅੰਦਰ ਵੜ ਕੇ ਮਾਲਾ ਫੜਕੇ ਕੇ ਰਾਮ-ਰਾਮ ਕਰਨ ਬਹਿ ਗਿਆ ਉਸ ਲਈ ਉਹ ਜਾਗਦਾ ਹੈ ਪਰ ਜਿਸ ਨੂੰ ਸੱਚ ਦੀ ਸਮਝ ਪੈ ਗਈ ਹੈ ਉਸ ਨੂੰ ਮੂਰਖ਼ ਅਨਜਾਣ ਦੱਸਦਾ ਹੈ, ਬੇਅਕਲ ਕਹਿੰਦਾ ਹੈ, ਕੁਰਾਹੀਆ ਦੱਸਦਾ ਹੈ।
* -ਇਸ ਕਰਕੇ ਇਕੱਲੀ ਦੀਵਾਲੀ ਹੀ ਨਹੀਂ ਹਰ ਬ੍ਰਾਹਮਣੀ ਤਿਉਹਾਰ ਦਾ ਹੀ ਦਲਿਤ ਬਹੁਜਨ ਨਾਲ ਕੋਈ ਵਾਹ ਵਾਸਤਾ ਨਹੀਂ ਹੈ। ਹਰੇਕ ਮਹੀਨੇ ਇਕ ਜਾਂ ਦੋ ਤੇ ਕਈ ਵਾਰੀ ਇਸ ਤੋਂ ਵੀ ਵੱਧ ਬ੍ਰਾਹਮਣੀ ਤਿਉਹਾਰ ਆਉਂਦੇ ਹਨ। ਦੋ ਤਿੰਨ ਦਿਨ ਪਹਿਲਾਂ ਧਨਤੇਰਸ ਫਿਰ ਦੀਵਾਲੀ ਤੇ ਦੋ ਦਿਨ ਬਾਅਦ ਭਾਈ- ਦੂਜ ਜੋ ਸਾਨੂੰ ਹਿੰਦੂ ਧਰਮ ਨਾਲ ਬੰਨ੍ਹ ਕੇ, ਨੂੜ੍ਹ ਕੇ ਰੱਖਦੇ ਸਨ। ਦੀਵਾਲੀ ਨੂੰ ਚਾਹੀਦਾ ਹੈ ਕਿ ਅਸੀਂ ਦੀਪਦਾਨ ਉਸਤਵ ਵਜੋਂ ਮਨਾਈਏ ਜੋ ਮਹਾਨ ਸਮਰਾਟ ਅਸ਼ੋਕ ਵਲੋਂ ਮਨਾਇਆ ਜਾਂਦਾ ਸੀ। ਹੁਣ ਜਦੋਂ ਦੀਪਦਾਨ ਉਸਤਵ ਦੀ ਗੱਲ ਦਲਿਤ ਬਹੁਜਨਾਂ ਨੇ ਤੋਰੀ ਹੈ। ਬ੍ਰਾਹਮਣੀ ਵਿਚਾਰਧਾਰਾ ਵਾਲਿਆਂ ਨੇ ਵੀ *ਦੀਵਾਲੀ ਨੂੰ ਦੀਪ ਉਸਤਵ ਲਿਖਣਾ ਸ਼ੁਰੂ ਕਰ ਦਿੱਤਾ ਹੈ* ਕਬੀਰ ਸਾਹਿਬ ਦੀ ਤਸਵੀਰ ਲਾ ਕੇ ਦੀਵਾਲੀ ਦੀਆਂ ਵਧਾਈਆਂ ਦੇਣ ਵਾਲਿਆਂ ਨੂੰ ਸੋਚਣਾ ਚਾਹੀਦਾ ਹੈ। ਜੇ ਅਸੀਂ ਹਿੰਦੂ ਹਾਂ, ਤਾਂ ਨੀਚ ਕਿਉਂ।
**ਵਰਤ,ਪੂਜਾ-ਪਾਠ, ਤਿਲਕ , ਹੋਮ, ਜੱਗ, ਤੀਰਥ,ਨਰਕ, ਸੁਰਗ,ਪੁਨਰ- ਜਨਮ, ਸ਼ਿਵਪੁਰੀ, ਬ੍ਰਹਮਪੁਰੀ, ਇੰਦਰਪੁਰੀ, ਸਾਰਾ ਹਿੰਦੂ ਤਾਣਾ-ਬਾਣਾ ਦਲਿਤ ਬਹੁਜਨ ਦੀ ਗੁਲਾਮੀ ਦਾ ਕਾਰਨ ਹੈ।(ਗੁਰਬਾਣੀ ਅਨੁਸਾਰ)
----
*** ਝੂਠ ਨਾ ਬੋਲ ਪਾਂਡੇ, ਸੱਚ ਕਹੀਏ।
ਗੁਰੂ ਨਾਨਕ ਜੀ।
-------
ਰੋਸ਼ਨ ਭਗਤ,
ਸਟੇਟ ਕੋਆਰਡੀਨੇਟਰ, ਭਗਤ ਮਹਾਂ ਸਭਾ, ਪੰਜਾਬ।
0 comments:
Post a Comment